ਸਾਹਿਬਜ਼ਾਦਾ ਅਜੀਤ ਸਿੰਘ ਨਗਰ,02 ਦਸੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Minister Harjot Singh Bains) ਵਲੋਂ ਅੱਜ ਮਿਸ਼ਨ 100 ਪ੍ਰਤੀਸ਼ਤ ਲਾਂਚ ਕੀਤਾ ਗਿਆ,ਇਸ ਮੌਕੇ ਬੋਲਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ (Punjab School Education Department) ਵਲੋਂ ਬੋਰਡ ਦੀਆਂ ਫਰਵਰੀ/ ਮਾਰਚ-2024 ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਦੌਰਾਨ 8ਵੀਂ,10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੇ ਮੁੱਖ ਉਦੇਸ਼ ਨਾਲ ‘ਮਿਸ਼ਨ 100%: ਗਿਵ ਯੂਅਰ ਬੈਸਟ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮਿਸ਼ਨ ਤਹਿਤ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਪੱਧਰਾਂ ਤੇ ਕੰਮ ਕਰ ਰਹੇ ਸਿੱਖਿਆ ਅਧਿਕਾਰੀਆਂ ਤੋਂ ਇਲਾਵਾ ਸਕੂਲ ਮੁੱਖੀਆਂ, ਅਧਿਆਪਕਾਂ,ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਮੂਹਿਕ ਯਤਨਾਂ ਨਾਲ 100% ਪਾਸ ਪ੍ਰਤੀਸ਼ਤਤਾ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਪ੍ਰਾਪਤ ਕਰਨ ਲਈ ਇੱਕ ਮਿਸ਼ਨ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਹੈ,ਉਨ੍ਹਾਂ ਕਿਹਾ ਕਿ ਬੀਤੇ ਵਰ੍ਹੇ ਵੀ ਮਿਸ਼ਨ 100% ਚਲਾਇਆ ਗਿਆ ਸੀ,ਜਿਸ ਦੇ ਬਹੁਤ ਸਾਰਥਕ ਨਤੀਜੇ ਨਿਕਲੇ ਸਨ।