ਸ੍ਰੀ ਅਨੰਦਪੁਰ ਸਾਹਿਬ 08 ਜੁਲਾਈ(ਸੇਵਾ ਸਿੰਘ, ਸਤਿੰਦਰਪਾਲ ਸਿੰਘ):- ਲਾਗਲੇ ਪਿੰਡ ਝੱਲੇਵਾਲ ਦੇ ਵਿੱਚ ਬਹੁਤ ਹੀ ਪੁਰਾਣੀ ਸੜਕ ਦੇ ਉੱਪਰ ਬਣੀ ਪੁਲੀ ਦੀ ਖਸਤਾ ਹਾਲਤ ਬਾਰੇ ਜਾਣਕਾਰੀ ਦਿੰਦਿਆਂ ਪੰਚਾਇਤ ਮੈਂਬਰ ਰਸ਼ਵਿੰਦਰ ਸਿੰਘ ਅਤੇ ਮੋਹਨ ਲਾਲ ਨੇ ਦੱਸਿਆ ਕਿ ਇਹ ਰਸਤਾ ਨਾਨੋਵਾਲ ,ਝੱਲੇਵਾਲ, ਝਿੜੀਆਂ, ਗੁਰਦਵਾਰਾ ਘੋੜਿਆਂ ਦੇ ਘਾਹ ਤੋਂ ਹੁੰਦਾ ਹੋਇਆ ਮਾਤਾ ਸ੍ਰੀ ਨੈਣਾ ਦੇਵੀ ਨੂੰ ਜਾਂਦਾ ਹੈ ਇਸ ਰਸਤੇ ਤੋਂ ਰੋਜ਼ਾਨਾ ਕਈ ਲੋਕ ਅਤੇ ਸੰਗਤਾਂ ਜਾਂਦੀਆਂ ਹਨ। ਪਿਛਲੇ ਦਿਨੀਂ ਇਸ ਪੁਲੀ ਤੇ ਬਹੁਤ ਹੀ ਦੁਰਘਟਨਾਵਾਂ ਹੋਈਆਂ ਹਨ ਕਿਉਂਕਿ ਇਹ ਪੁਲੀ ਬਹੁਤ ਹੀ ਖਸਤਾ ਹਾਲਤ ਵਿੱਚ ਹੈ।
ਇਸ ਦੇ ਉੱਪਰ ਦੋਨੋਂ ਪਾਸੇ ਸੁਰੱਖਿਆ ਦੇ ਲਈ ਕੋਈ ਵੀ ਬੰਨ੍ਹੀ ਨਹੀਂ ਹੈ। ਉਹਨਾਂ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਝਿੜੀਆਂ ਪਿੰਡ ਦਾ ਮਾਸਟਰ ਗੁਰਚਰਨ ਸਿੰਘ ਜੋ ਆਪਣੀ ਡਿਊਟੀ ਕਰਕੇ ਆਪਣੀ ਗੱਡੀ ਵਿੱਚ ਘਰ ਜਾ ਰਿਹਾ ਸੀ ਤਾਂ ਪੁਲੀ ਦੀ ਖਸਤਾ ਹਾਲਤ ਹੋਣ ਕਾਰਨ ਅਤੇ ਸੁਰੱਖਿਆ ਬੰਨ੍ਹੀ ਨਾ ਹੋਣ ਕਾਰਨ 15 ਫੁੱਟ ਹੇਠਾਂ ਗੱਡੀ ਸਮੇਤ ਗਿਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਮੌਕੇ ਇਲਾਕਾ ਨਿਵਾਸੀ ਅਤੇ ਪੰਚਾਇਤ ਮੈਂਬਰਾਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਹ ਪੁਲੀ ਪੀ.ਡਬਲਯੂ. ਡੀ ਤੋਂ ਜਲਦੀ ਦੋਬਾਰਾ ਬਣਵਾਈ ਜਾਵੇ। ਜੇਕਰ ਇਹ ਟੁੱਟ ਜਗਈ ਤਾਂ ਆਸ ਪਾਸ ਦੇ ਚਾਰ ਪੰਜ ਪਿੰਡਾਂ ਅਤੇ ਸ੍ਰੀ ਨੈਣਾ ਦੇਵੀ ਜਾਣ ਵਾਲੇ ਯਾਤਰੂਆਂ ਦੇ ਲਈ ਬਹੁਤ ਮੁਸ਼ਕਿਲ ਹੋਵੇਗੀ।
ਇਲਾਕੇ ਦੀ ਜਾਣੀ ਪਹਿਚਾਣੀ ਸੰਸਥਾ ਮਾਤਾ ਜੀਤੋ ਜੀ ਜੱਚਾ-ਬੱਚਾ ਸੰਸਥਾ ਪੰਜਾਬ ਸਰਕਾਰ ਨੂੰ ਅਤੇ ਇਲਾਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕਰਦੀ ਹੈ ਕਿ ਉਹ ਵਿਸ਼ੇਸ਼ ਕਰਕੇ ਇਸ ਪਾਸੇ ਧਿਆਨ ਦੇ ਕੇ ਇਸ ਪੁਲੀ ਨੂੰ ਜਲਦੀ ਤੋਂ ਜਲਦੀ ਦੁਬਾਰਾ ਬਣਵਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਪੁਲੀ ਦੇ ਨਾਲ ਪਿੰਡ ਦਾ ਪ੍ਰਾਇਮਰੀ ਸਕੂਲ ਵੀ ਹੈ ਜੇਕਰ ਇਹ ਪੁਲੀ ਨਹੀਂ ਬਣਾਈ ਗਈ ਜਾਂ ਪੱਥਰਾਂ ਦੀ ਦੀਵਾਰ ਨਹੀਂ ਬਣਾਈ ਗਈ ਇਹ ਸਕੂਲ ਵੀ ਇਸ ਖੱਡ ਵਿਚ ਧੱਸ ਸਕਦਾ ਹੈ। ਇਸ ਮੌਕੇ ਰਾਮਪਾਲ, ਕੁਲਦੀਪ ਸਿੰਘ, ਗਿਆਨ ਚੰਦ, ਖ਼ੁਸ਼ਹਾਲ ਚੰਦ ,ਸੰਤੋਸ਼ ਕੁਮਾਰੀ, ਮਹਿੰਦਰੋ ਦੇਵੀ,ਸੰਤੋਸ਼ ਕੁਮਾਰੀ ਆਦਿ ਹਾਜ਼ਰ ਸਨ।