ਮੁਹਾਲੀ ਦੇ ਫੇਜ਼ 3ਬੀ1 ਦਾ ਸੁਵਿਧਾ ਸੈਂਟਰ ਬਣਿਆ ਲੋਕਾਂ ਲਈ ਅਸੁਵਿਧਾ ਦਾ ਕਾਰਨ : ਕੁਲਜੀਤ ਸਿੰਘ ਬੇਦੀ
ਸੁਵਿਧਾ ਕੇਂਦਰ ਤੱਕ ਪੱਕਾ ਰਾਸਤਾ ਬਣਾਉਣ ਲਈ ਡਿਪਟੀ ਕਮਿਸ਼ਨਰ ਨੂੰ ਲਿਖਿਆ ਪੱਤਰ
ਮੋਹਾਲੀ ਨਗਰ ਨਿਗਮ ਦੇ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਫੇਜ਼ 3ਬੀ1 ਦਾ ਸੁਵਿਧਾ ਸੈਂਟਰ ਸੁਵਿਧਾ ਦੀ ਥਾਂ ਤੇ ਅਸੁਵਿਧਾ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਬਿਲਕੁਲ ਨਾਲ ਸਥਿਤ ਇਸ ਸੁਵਿਧਾ ਸੈਂਟਰ ਤੱਕ ਪਹੁੰਚਣ ਵਾਲੇ ਰਸਤੇ ਦੀ ਹਾਲਤ ਬਹੁਤ ਖਸਤਾ ਹੈ ਅਤੇ ਏਥੇ ਲਾਂਘਾ ਵੀ ਔਖਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਮੋਹਾਲੀ ਤੋਂ ਮੰਗ ਕੀਤੀ ਹੈ ਕਿ ਇਸ ਕੱਚੇ ਰਸਤੇ ਦਾ ਸੁਧਾਰ ਕਰਵਾਇਆ ਜਾਵੇ। ਇਸ ਸਬੰਧੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਵੀ ਲਿਖਿਆ ਹੈ।
ਅੱਜ ਇਸ ਸੁਵਿਧਾ ਸੈਂਟਰ ਦੇ ਕੱਚੇ ਰਸਤੇ ਉੱਤੇ ਮੌਜੂਦ ਕੁਲਜੀਤ ਸਿੰਘ ਬੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਸੁਵਿਧਾ ਸੈਂਟਰ ਤੱਕ ਪਹੁੰਚ ਦਾ ਰਸਤਾ ਬੁਰੀ ਤਰ੍ਹਾਂ ਖ਼ਰਾਬ ਹੈ ਅਤੇ ਬਰਸਾਤ ਦੇ ਕਾਰਨ ਇਸ ਕੱਚੇ ਰਸਤੇ ਵਿੱਚ ਪਏ ਟੋਇਆਂ ਵਿੱਚ ਪਾਣੀ ਭਰ ਗਿਆ ਹੈ।
ਉਨ੍ਹਾਂ ਕਿਹਾ ਕਿ ਇਥੇ ਪਿਛਲੀ ਸਰਕਾਰ ਵੱਲੋਂ ਡਿਸਪੈਂਸਰੀ ਅਪ੍ਰਗੇਡ ਕਰਕੇ 30 ਬੈੱਡ ਦਾ ਹਸਪਤਾਲ ਬਣਾਇਆ ਸੀ ਜਿਸਨੂੰ ਨਵੀਂ ਸਰਕਾਰ ਨੇ ਜਿਗਰ ਦੀਆਂ ਬੀਮਾਰੀਆਂ ਸਬੰਧੀ ਲਿਵਰ ਅਤੇ ਬਾਈਲਰੀ ਇੰਸਟੀਚਿਊਟ ਦੇ ਰੂਪ ਵਿੱਚ ਤਬਦੀਲ ਕੀਤਾ ਗਿਆ ਹੈ ਪਰ ਨਾ ਤਾਂ ਇਹ ਇੰਸਟੀਟਿਊਟ ਹੀ ਏਥੇ ਚੱਲਿਆ ਅਤੇ ਨਾ ਹੀ ਡਿਸਪੈਂਸਰੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਅਦਾਲਤ ਵਿੱਚ ਕੇਸ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਸੁਵਿਧਾ ਕੇਂਦਰ ਹੈ ਜੋ ਲੋਕਾਂ ਦੀ ਅਸੁਵਿਧਾ ਦਾ ਕਾਰਨ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਸੇਵਾ ਕੇਂਦਰ ਵਿੱਚ ਡੇਢ ਸੌ ਤੋਂ ਵੱਧ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਅਤੇ ਮੋਹਾਲੀ ਦੇ ਲੋਕ ਇੱਥੇ ਆਪਣੇ ਕੰਮਾਂ-ਕਾਰਾਂ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਬਜ਼ੁਰਗ ਅਤੇ ਔਰਤਾਂ ਜੋ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੀਆਂ ਹਨ ਉਹ ਬਹੁਤ ਪ੍ਰੇਸ਼ਾਨ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਕਿਉਂਕਿ ਇਹ ਜਗ੍ਹਾ ਬਾਊਂਡਰੀ ਦੇ ਅੰਦਰ ਆਉਂਦੀ ਹੈ ਇਸ ਕਰਕੇ ਮੋਹਾਲੀ ਨਗਰ ਨਿਗਮ ਵੱਲੋਂ ਇਥੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਹਿਲਾਂ ਮਿਉਂਸਪਲ ਐਕਟ ਦੀ ਧਾਰਾ 82/3 ਦੇ ਤਹਿਤ ਨਗਰ ਨਿਗਮ ਵੱਲੋਂ ਸੁਸਾਇਟੀਆਂ ਦੀ ਬਾਉਂਡਰੀ ਦੇ ਅੰਦਰ ਦੇ ਕੰਮ ਕਰਵਾਏ ਗਏ ਸਨ ਪਰ ਇਸ ਉੱਤੇ ਸਰਕਾਰ ਨੇ ਰੋਕ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੱਥੇ ਰਾਹ ਨਾ ਹੋਣ ਕਰਕੇ ਸੁਵਿਧਾ ਸੈਂਟਰ ਸਟਾਫ ਨੂੰ ਵੀ ਭਾਰੀ ਸਮੱਸਿਆ ਪੇਸ਼ ਆਉਂਦੀ ਹੈ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ।
ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ ਸਬੰਧੀ ਫੌਰੀ ਤੌਰ ਤੇ ਅਧਿਕਾਰੀਆਂ ਨੂੰ ਹਦਾਇਤਾਂ ਕਰਕੇ ਇੱਥੇ ਪੱਕੇ ਰਸਤੇ ਦਾ ਇੰਤਜਾਮ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।