ਸੁੱਖੀ ਰੰਧਾਵਾ ਦੀ ਟਿੱਪਣੀ ਬੇਹੱਦ ਸ਼ਰਮਨਾਕ ਅਤੇ ਮੰਦਭਾਗੀ : ਅਸ਼ਵਨੀ ਸ਼ਰਮਾ: ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਰਾਜਸਥਾਨ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਗ੍ਰਹਿਮੰਤਰੀ ਸੁੱਖੀ ਰੰਧਾਵਾ ਵੱਲੋਂ ਦਿੱਤੇ ਬਿਆਨ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਕਾਂਗਰਸ ‘ਤੇ ਸਾਢ਼ੇਸਾਤਿ ਚੱਲ ਰਹੀ ਹੈ। ਕਾਂਗਰਸੀ ਆਗੂ ਬੋਲਣ ਲਗੀਆਂ ਆਪਣੇ ਬੋਲਾਂ ਦੀ ਮਰਿਆਦਾ ਭੁੱਲ ਗਏ ਹਨ।
ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਭਾਰਤ ਤੋਂ ਬਾਹਰ ਜਾ ਕੇ ਭਾਰਤ ਨੂੰ ਬਦਨਾਮ ਕਰਦੇ ਹਨ ਅਤੇ ਭਾਰਤੀ ਲੋਕਤੰਤਰ ‘ਤੇ ਉਂਗਲ ਚੁੱਕਦੇ ਹਨ। ਦੂਜੇ ਪਾਸੇ ਸੁੱਖੀ ਰੰਧਾਵਾ ਨੇ ਰਾਜਸਥਾਨ ਦੇ ਅੰਦਰ ਜਾ ਕੇ ਦੇਸ਼ ਦੇ ਔਜਸਵੀ ਤੇਜਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਸਨੇ ਪੂਰੀ ਦੁਨੀਆ ‘ਚ ਭਾਰਤ ਦਾ ਸਿਰ ਉੱਚਾ ਕੀਤਾ ਹੈ, ਜਿਸ ਦੀ ਸਟੀਕ ਅਗਵਾਈ ਹੇਠ ਅੱਜ ਭਾਰਤ ਆਰਥਿਕਤਾ ਅਤੇ ਸੁਰੱਖਿਆ ਦੇ ਮਾਮਲੇ ‘ਚ ਦੁਨੀਆ ‘ਚ ਤੀਜੇ ਸਥਾਨ ‘ਤੇ ਪੁੱਜ ਗਿਆ ਹੈ, ਅੱਜ ਅਜਿਹੇ ਪ੍ਰਧਾਨ ਮੰਤਰੀ ‘ਤੇ ਸੁੱਖੀ ਰੰਧਾਵਾ ਵਲੋਂ ਕੀਤੀ ਗਈ ਟਿੱਪਣੀ ਬੇਹੱਦ ਸ਼ਰਮਨਾਕ ਅਤੇ ਮੰਦਭਾਗੀ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੁੱਖੀ ਰੰਧਾਵਾ ਅਤੇ ਕਾਂਗਰਸ ਨੂੰ ਦੇਸ਼ ਭਗਤੀ ਦੀ ਗੱਲ ਕਰਨ ਅਤੇ ਲੋਕਤੰਤਰ ਦੀ ਦੁਹਾਈ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਇਹ ਉਹੀ ਕਾਂਗਰਸ ਹੈ ਜਿਸ ਨੇ ਕਦੇ ਵੀ ਲੋਕਤਾਂਤਰਿਕ ਰਵਾਇਤਾਂ ਦਾ ਸਤਿਕਾਰ ਨਹੀਂ ਕੀਤਾ। ਦੇਸ਼ ਵਿੱਚ ਲੋਕਤੰਤਰ ਦੀ ਦੁਹਾਈ ਦੇਣ ਵਾਲੀ ਇਸ ਕਾਂਗਰਸ ਨੇ ਧਾਰਾ 356 ਦੀ ਵੱਧ ਤੋਂ ਵੱਧ ਵਰਤੋਂ ਕੀਤੀ ਹੈ। ਜਮਹੂਰੀਅਤ ਨੂੰ ਮਾਰਨ ਲਈ ਐਮਰਜੈਂਸੀ ਲਗਾਈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਦੀ ਜਨਮਦਾਤਾ ਹੈ, ਇਸ ਦੇ ਕਈ ਆਗੂਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਦਰਜ ਹਨ।