ਮਹਿਲਾ ਸ਼ਸ਼ਤੀਕਰਨ ਵਿੱਚ ਹਰਦੀਪ ਕੌਰ ਵੱਡਾ ਨਾਮ : ਡਾਕਟਰ ਸਿਮਰਨ ਕਾਲੜਾ
ਮੋਹਾਲੀ 15 ਅਗਸਤ (ਹਰਪ੍ਰੀਤ ਸਿੰਘ ਜੱਸੋਵਾਲ):- ਸਮਾਜ ਸੇਵੀ ਕੰਮਾਂ ਦੇ ਵਿੱਚ ਮੋਹਰੀ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ ਦੇ ਪ੍ਰਧਾਨ ਹਰਦੀਪ ਕੌਰ ਨੂੰ ਅੱਜ ਆਜ਼ਾਦੀ ਦਿਵਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅੱਜ ਸਰਕਾਰੀ ਕਾਲਜ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਸਮਾਜ ਸੇਵਾ ਦੇ ਖੇਤਰ ਅਤੇ ਖਾਸ ਕਰਕੇ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ “ਦਿਸ਼ਾ ਰੋਜ਼ਗਾਰ ਮੁਹਿੰਮ ” ਦੇ ਜ਼ਰੀਏ ਅਨੇਕਾਂ ਹੀ ਕੁੜੀਆਂ ਨੂੰ ਨੌਕਰੀਆਂ ਪ੍ਰਾਪਤ ਕਰਨ ਵਿਚ ਹਰਦੀਪ ਕੌਰ ਨੇ ਮਦਦ ਕੀਤੀ । ਹਰਦੀਪ ਕੌਰ ਇਕ ਉੱਘੀ ਸਮਾਜ ਸੇਵੀ ਹੋਣ ਦੇ ਨਾਲ-ਨਾਲ ਸੀਨੀਅਰ ਪੱਤਰਕਾਰ ਦੇ ਤੌਰ ਤੇ ਵੀ ਆਪਣੀਆਂ ਸੇਵਾਵਾਂ ਇੱਕੀ ਸਾਲਾਂ ਤੋਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਵਲੋਂ ਚਲਾਏ ਜਾ ਰਹੇ ਟਰੱਸਟ ਦਾ ਮੁੱਖ ਮਕਸਦ ਔਰਤਾਂ ਦਾ ਸ਼ਸ਼ਤੀਕਰਨ ਕਰਨਾ ,ਉਨ੍ਹਾਂ ਨੂੰ ਕਾਨੂੰਨੀ ਜਾਗਰਕਤਾ ਪ੍ਰਦਾਨ ਕਰਨੀ, ਬੱਚਿਆਂ ਦੀ ਨਿਰੋਈ ਸਿਹਤ ਨੂੰ ਪ੍ਰੋਤਸਾਹਿਤ ਕਰਨਾ ਅਤੇ ਗਰੀਬੀ ਰੇਖਾਂ ਤੋਂ ਹੇਠਾਂ ਕੰਮ ਕਰ ਰਹੇ ਬੱਚੇ ਅਤੇ ਔਰਤਾਂ ਦੇ ਪੁਨਰਵਾਸ ਸਬੰਧੀ ਅਹਿਦ ਲੈਣਾ ਹੈ।
ਜ਼ਿਕਰਯੋਗ ਹੈ ਕਿ ਅੱਜ ਇੱਥੇ ਹਰਦੀਪ ਕੌਰ ਨੂੰ ਸਨਮਾਨ ਮਿਲਣ ਉਪਰੰਤ ਦਿੱਲੀ ਤੋਂ ਦਿਸ਼ਾ ਟਰੱਸਟ ਦੇ ਕੌਮੀ ਚੇਅਰਪਰਸਨ ਡਾਕਟਰ ਸਿਮਰਨ ਕਾਲੜਾ ਨੇ ਇੱਕ ਵਧਾਈ ਸੰਦੇਸ਼ ਭੇਜ ਕੇ ਪੂਰੇ ਟਰੱਸਟ ਦੀਆਂ ਮਹਿਲਾ ਮੈਂਬਰਾਂ ਨੂੰ ਇਸ ਦੀ ਵਧਾਈ ਦਿੱਤੀ। ਡਾਕਟਰ ਸਿਮਰਨ ਕਾਲੜਾ ਨੇ ਕਿਹਾ ਕਿ ਹਰਦੀਪ ਕੌਰ ਮਹਿਲਾ ਸ਼ਸ਼ਤੀਕਰਨ ਦੇ ਖੇਤਰ ਵਿਚ ਇਕ ਵੱਡਾ ਨਾਂ ਹੈ । ਹੋਰ ਅੱਗੇ ਬੋਲਦੇ ਹੋਏ ਡਾਕਟਰ ਸਿਮਰਨ ਕਾਲੜਾ ਨੇ ਕਿਹਾ ਕਿ “ਦਿਸ਼ਾ ਰੋਜ਼ਗਾਰ ਮੁਹਿੰਮ” ਟਰੱਸਟ ਦੀ ਇੱਕ ਅਹਿਮ ਪ੍ਰਾਪਤੀ ਹੈ। ਟਰੱਸਟ ਦੇ ਇਸੇ ਉਦੇਸ਼ ਨੇ ਮਹਿਲਾਵਾਂ ਨੂੰ ਵਿੱਤੀ ਤੌਰ ਤੇ ਆਤਮ ਨਿਰਭਰ ਬਣਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਅਸੀਂ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਅੱਗੇ ਵੱਲ ਨੂੰ ਵੱਧ ਰਹੇ ਹਾਂ। ਇਹ ਸਾਡੇ ਲਈ ਬੇਹਦ ਖੁਸ਼ੀ ਅਤੇ ਤਸੱਲੀ ਭਰੀ ਖ਼ਬਰ ਹੈ। ਇਸ ਮੌਕੇ ਦਿਸ਼ਾ ਪ੍ਰਧਾਨ ਹਰਦੀਪ ਕੌਰ ਨੂੰ ਡਾਕਟਰ ਰਿੰਮੀ ਸਿੰਗਲਾ , ਕੁਲਦੀਪ ਕੌਰ ਸੁਪਰੀਡੈਂਟ ਬਾਹਰਾ ਹਸਪਤਾਲ, ਮਮਤਾ ਸ਼ਰਮਾ , ਮਨਦੀਪ ਕੌਰ ਬੈਂਸ , ਮਨਦੀਪ ਕੌਰ ਮਹਿਤਾਬਗੜ੍ਹ , ਮਨਦੀਪ ਕੌਰ ਕੈਨੇਡਾ, ਸੁਖਵਿੰਦਰ ਕੌਰ ਅਤੇ ਅਰਵਿਨ ਕੌਰ ਸੰਧੂ ਵੱਲੋਂ ਫੋਨ ਕਾਲ ਰਾਹੀਂ ਵਧਾਈ ਦਿੱਤੀ ਗਈ ।
ਫੋਟੋ ਕੈਪਸਨ – ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮਾਂ ਦੇ ਸਦਕੇ ਹਰਦੀਪ ਕੌਰ ਨੂੰ ਸਨਮਾਨਿਤ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਵਿਧਾਇਕ ਕੁਲਵੰਤ ਸਿੰਘ ਨਾਲ ਹਨ ਆਈ ਜੀ ਗੁਰਪ੍ਰੀਤ ਸਿੰਘ ਭੁੱਲਰ , ਡਿਪਟੀ ਕਮਿਸ਼ਨਰ ਅੰਸ਼ਿਕਾ ਜੈਨ ਮੋਹਾਲੀ ਤੇ ਐਸ ਐਸ ਪੀ ਡਾਕਟਰ ਸੰਦੀਪ ਗਰਗ