ਚੰਡੀਗੜ੍ਹ, 2 ਫਰਵਰੀ 2024,(ਹਰਪ੍ਰੀਤ ਸਿੰਘ ਜੱਸੋਵਾਲ):- ਚੰਡੀਗੜ੍ਹ ਮੇਅਰ ਚੋਣਾਂ ‘ਚ ਧਾਂਦਲੀ ਦੇ ਖਿਲਾਫ ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ‘ਚ ਭਾਜਪਾ ਹੈੱਡਕੁਆਰਟਰ ਨੇੜੇ ਵੱਡਾ ਪ੍ਰਦਰਸ਼ਨ ਕੀਤਾ। ਧਰਨੇ ਵਿੱਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨਾਲ ਪੰਜਾਬ ਅਤੇ ਦਿੱਲੀ ਦੇ ਕਈ ਵਿਧਾਇਕ, ਸੰਸਦ ਮੈਂਬਰ ਅਤੇ ਮੰਤਰੀ ਵੀ ਮੌਜੂਦ ਸਨ।
ਧਰਨੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵਤ ਮਾਨ (Chief Minister Bhagwat Mann) ਨੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 30 ਜਨਵਰੀ ਨੂੰ ਪੂਰੇ ਦੇਸ਼ ਨੇ ਦੇਖਿਆ ਕਿ ਕਿਸ ਤਰ੍ਹਾਂ ਭਾਜਪਾ ਦੇ ਪ੍ਰੀਜ਼ਾਈਡਿੰਗ ਅਫ਼ਸਰ ਨੇ ਕੈਮਰਿਆਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੇ ਬੈਲਟ ਪੇਪਰਾਂ ਨਾਲ ਜਾਣਬੁੱਝ ਕੇ ਛੇੜਛਾੜ ਕੀਤੀ। ਪਰ ਉੱਥੇ ਭਾਜਪਾ ਤੋਂ ਇਕ ਗਲਤੀ ਹੋ ਗਈ। ਕੰਮ ਉਸ ਦੀ ਯੋਜਨਾ ਅਨੁਸਾਰ ਨਹੀਂ ਹੋਇਆ, ਨਹੀਂ ਤਾਂ ਉਹ ਵੀਡੀਓ ਰਿਕਾਰਡਿੰਗ ਬੰਦ ਕਰਵਾ ਦਿੰਦੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸ ਨੇ ਅਜਿਹਾ ਕੀਤਾ ਹੈ। ਉਹ ਹਰ ਛੋਟੀ-ਵੱਡੀ ਚੋਣ ਵਿੱਚ ਇਸ ਤਰ੍ਹਾਂ ਦੀ ਧਾਂਦਲੀ ਕਰਦੇ ਹਨ ਪਰ ਕੈਮਰਿਆਂ ਕਾਰਨ ਉਹ ਚੰਡੀਗੜ੍ਹ ਵਿੱਚ ਪਹਿਲੀ ਵਾਰ ਅਜਿਹਾ ਕਰਦੇ ਫੜੇ ਗਏ ਹਨ।
ਮੁੱਖ ਮੰਤਰੀ ਭਗਵਤ ਮਾਨ ਨੇ ਕਿਹਾ ਕਿ ਭਾਜਪਾ ਨੂੰ ਚੋਣਾਂ ਚੋਂ ਸਮੱਸਿਆ ਹੈ। ਭਾਜਪਾ ਆਗੂ ਚਾਹੁੰਦੇ ਹਨ ਕਿ ਦੇਸ਼ ਵਿੱਚ ਚੋਣਾਂ ਨਾ ਹੋਣ। ਜੇਕਰ ਉਨ੍ਹਾਂ ਦਾ ਬਸ ਚੱਲਿਆ ਤਾਂ ਉਹ ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਨਰਿੰਦਰ ਮੋਦੀ 2024 ਵਿੱਚ ਮੁੜ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਭਾਰਤ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਾਨੂੰਨ ਨੂੰ ਲਾਗੂ ਕਰਨਗੇ। ਇਸ ਤੋਂ ਬਾਅਦ ਦੇਸ਼ ਵਿੱਚ ਚੋਣਾਂ ਨਹੀਂ ਹੋਣਗੀਆਂ।