ਬਿਆਸ, 3 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):- ਜੁਡੀਸ਼ੀਅਲ ਮਜਿਸਟਰੇਟ ਬਾਬਾ ਬਕਾਲਾ (Baba Bakala) ਦੀ ਅਦਾਲਤ ਨੇ ਹਲਕਾ ਵਿਧਾਇਕ ਨੂੰ ਵਾਰ-ਵਾਰ ਵਾਰੰਟ ਭੇਜਣ ਦੇ ਬਾਵਜੂਦ ਪੇਸ਼ ਨਾ ਹੋਣ ’ਤੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਨੇ ਆਪਣੇ ਹੁਕਮਾਂ ਵਿਚ ਲਿਖਿਆ ਹੈ ਕਿ ਉਕਤ ਵਿਧਾਇਕ 26 ਜਨਵਰੀ ਗਣਤੰਤਰ ਦਿਹਾੜੇ ’ਤੇ ਮੁੱਖ ਮਹਿਮਾਨ ਦੇ ਤੌਰ ’ਤੇ ਹਾਕੀ ਸਟੇਡੀਅਮ ਬਾਬਾ ਬਕਾਲਾ (Hockey Stadium Baba Bakala) ਪੁੱਜੇ ਸਨ, ਜਿਸ ਲਈ ਪੁਲਿਸ ਜ਼ਿੰਮੇਵਾਰ ਹੈ। ਮਾਨਯੋਗ ਅਦਾਲਤ ਨੇ ਪੁਲਿਸ ਥਾਣਾ ਬਿਆਸ ਦੇ ਐੱਸ ਐੱਚ ਉ ਨੂੰ ਹੁਕਮ ਜਾਰੀ ਕਰ ਦੀਆਂ ਕਿਹਾ ਕੇ ਉਹ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ (MLA Dalbir Singh Tong) ਨੂੰ ਗ੍ਰਿਫ਼ਤਾਰ ਕਰਕੇ ਅਗਲੀ ਤਾਰੀਖ਼ 17 ਫਰਵਰੀ 2024 ਨੂੰ ਪੇਸ਼ ਕਰੇ, ਜਿਸ ਦੀ ਜ਼ਿੰਮੇਵਾਰੀ ਥਾਣਾ ਮੁਖੀ ਦੀ ਹੋਵੇਗੀ।
ਅਦਾਲਤੀ ਹੁਕਮਾਂ ਦੀ ਕਾਪੀ ਅਨੁਸਾਰ ਜੁਡੀਸ਼ੀਅਲ ਮਜਿਸਟਰੇਟ ਪਹਿਲਾ ਦਰਜਾ ਬਾਬਾ ਬਕਾਲਾ ਬਿਕਰਮ ਦੀਪ ਸਿੰਘ ਦੀ ਅਦਾਲਤ ਵਿਚ ਸੰਪੂਰਨ ਸਿੰਘ ਮੱਕੜ ਬਨਾਮ ਦਲਬੀਰ ਸਿੰਘ ਟੌਂਗ ਦਾ ਕੇਸ ਚੱਲ ਰਿਹਾ ਸੀ ਜਿਸ ਨੂੰ ਐਡਵੋਕੇਟ ਸਰਬਜੀਤ ਸਿੰਘ ਗਿੱਲ ਵਲੋ ਦਾਇਰ ਕੀਤਾ ਗਿਆ ਸੀ ਜਿਸ ਸਬੰਧੀ ਮਾਨਯੋਗ ਅਦਾਲਤ ਵਲੋ ਪੰਜ ਵਾਰ ਆਮ ਆਦਮੀ ਪਾਰਟੀ (Aam Aadmi Party) ਦੇ ਚੁਣੇ ਗਏ ਹਲਕਾ ਵਿਧਾਇਕ ਦਲਬੀਰ ਸਿੰਘ ਟੌਗ ਨੂੰ ਪੁਲਿਸ ਰਾਹੀ ਵਾਰੰਟ ਭੇਜੇ ਗਏ ਸਨ ਪਰ ਪੁਲਿਸ ਵਲੋ ਉਕਤ ਵਿਧਾਇਕ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ।