“ਖ਼ਾਕੀ, ਖਾੜਕੂ ਤੇ ਕਲਮ” ਚੌਥੀ ਕਿਤਾਬ ਨਾਲ ਹਮੇਸ਼ਾ ਦੀ ਤਰਾਂ ਸਚਾਈ ਬਿਆਨ ਕੀਤੀ ਹੈ ਜਗਤਾਰ ਭੁੱਲਰ ਨੇ
ਕਿਹਾ, ਕਾਨੂੰਨ ਦੇ ਰਾਜ ਵਿੱਚ ਹੀ ਲੋਕਾਂ ਦੀ ਭਲਾਈ ਯਕੀਨੀ, “ਅਖੌਤੀ ਨਿਆਂ” ਹਮੇਸ਼ਾ ਮਾਰੂ ਹੁੰਦੈ
ਚੰਡੀਗੜ੍ਹ 18 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ )
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸੀਨੀਅਰ ਪੱਤਰਕਾਰ ਅਤੇ ਲੇਖਕ ਜਗਤਾਰ ਸਿੰਘ ਭੁੱਲਰ ਦੀ ਪੰਜਾਬ ਦੇ ਸਾਲ 1978 ਤੋਂ 1995 ਦੇ ਚੁਣੌਤੀਆਂ ਭਰੇ ਦੌਰ, ਤਤਕਾਲੀ ਪੱਤਰਕਾਰੀ ਤੇ ਪੱਤਰਕਾਰਾਂ ਵੱਲੋਂ ਆਪਣੀ ਡਿਊਟੀ ਨਿਭਾਉਂਦਿਆਂ ਹੰਢਾਈਆਂ ਦੁਸ਼ਵਾਰੀਆਂ ਨੂੰ ਦਰਸਾਉਂਦੀ ਨਵੀਂ ਕਿਤਾਬ “ਖ਼ਾਕੀ, ਖਾੜਕੂ ਤੇ ਕਲਮ” ਰਿਲੀਜ਼ ਕੀਤੀ।
ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਸੰਖੇਪ ਪ੍ਰੋਗਰਾਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੱਤਰਕਾਰ ਤੇ ਲੇਖਕ ਸਮਾਜ ਦਾ ਧੁਰਾ ਹੁੰਦੇ ਹਨ ਅਤੇ ਉਨ੍ਹਾਂ ਨੇ ਆਪਣੀ ਕਲਮ ਨਾਲ ਲੋਕਾਂ ਨੂੰ ਜਗਾਉਣਾ ਹੁੰਦਾ ਹੈ। ਕਿਤਾਬ ਵਿੱਚ ਬੀਤੇ ਦਹਾਕਿਆਂ ਦੌਰਾਨ ਪੱਤਰਕਾਰਾਂ ਦੀਆਂ ਹੱਡ-ਬੀਤੀਆਂ ਦੇ ਹਵਾਲੇ ਨਾਲ ਅਤੇ ਉਤਰ ਪ੍ਰਦੇਸ਼ ਵਿੱਚ ਵਾਪਰ ਰਹੀਆਂ ਹਾਲੀਆ ਘਟਨਾਵਾਂ ਦੇ ਸੰਦਰਭ ਵਿੱਚ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਨੂੰਨ ਦਾ ਰਾਜ ਹੀ ਲੋਕਾਂ ਦੀ ਭਲਾਈ ਯਕੀਨੀ ਬਣਾ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ “ਅਖੌਤੀ ਨਿਆਂ” ਹਮੇਸ਼ਾ ਕੌਮਾਂ ਅਤੇ ਦੇਸ਼ ਲਈ ਮਾਰੂ ਹੁੰਦਾ ਹੈ।
ਆਪਣੇ ਸੰਬੋਧਨ ਦੌਰਾਨ ਸ੍ਰੀ ਮਨਜੀਤ ਸਿੰਘ ਸਿੱਧੂ, ਓ.ਐਸ.ਡੀ/ਮੁੱਖ ਮੰਤਰੀ ਪੰਜਾਬ ਨੇ ਜਗਤਾਰ ਸਿੰਘ ਭੁੱਲਰ ਦੇ ਨਾਲ ਪੱਤਰਕਾਰੀ ਦੇ ਸ਼ੁਰੂਆਤੀ ਸਮੇਂ ਦੇ ਆਪਣੇ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਪੱਤਰਕਾਰਾਂ ਦੀਆਂ ਹੱਡ-ਬੀਤੀਆਂ ਨੂੰ ਕਿਤਾਬੀ ਰੂਪ ਦੇਣ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਲੇਖਕ ਨੂੰ ਵਧਾਈ ਦਿੱਤੀ।
ਇਸ ਮੌਕੇ ਲੇਖਕ ਸ੍ਰੀ ਜਗਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੱਤਰਕਾਰੀ ਦੇ ਦਰਦ ਨੂੰ ਸਮਝਣ ਦੀ ਲੋੜ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਕਿਤਾਬ ਲਿਖਣ ਦੀ ਪ੍ਰੇਰਣਾ ਮਿਲੀ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਰਾਹੀਂ ਉਨ੍ਹਾਂ ਨੇ ਸਾਲ 1978 ਤੋਂ 1995 ਦਰਮਿਆਨ ਵੱਖ-ਵੱਖ ਅਖ਼ਬਾਰਾਂ ਜ਼ਰੀਏ ਸੂਬੇ ਨੂੰ ਕਵਰ ਕਰਦੇ ਕਰੀਬ 25 ਪੱਤਰਕਾਰਾਂ ਦੀ ਜ਼ਿੰਦਗੀ, ਉਨ੍ਹਾਂ ਵੱਲੋਂ ਬੇਬਾਕੀ ਨਾਲ ਨਿਭਾਈ ਡਿਊਟੀ, ਦੋ ਧਿਰਾਂ ਦੇ ਦਬਾਅ ਦਰਮਿਆਨ ਆਪਣੇ ਫ਼ਰਜ਼ ਦਾ ਨਿਰਬਾਹ, ਹਕੂਮਤੀ ਰਵੱਈਏ, ਪੁਲਿਸ ਵੱਲੋਂ ਨਿਭਾਈ ਜਾਂਦੀ ਭੂਮਿਕਾ ਦਾ ਵਰਨਣ ਕੀਤਾ ਹੈ।
ਇਸ ਤੋਂ ਪਹਿਲਾਂ ਜਗਤਾਰ ਸਿੰਘ ਭੁੱਲਰ “ਦਹਿਸ਼ਤ ਦੇ ਪਰਛਾਵੇਂ” (2010), “ਪ੍ਰੈਸ ਰੂਮ” (2019) ਅਤੇ “ਪੰਜਾਬ ਸਿਹਾਂ ਮੈਂ ਚੰਡੀਗੜ੍ਹ ਬੋਲਦਾਂ” (2021) ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।
ਸਮਾਗਮ ਨੂੰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਪੰਜਾਬੀ ਯੂਨੀਵਰਸਿਟੀ ਦੇ ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ ਅਤੇ ਸੀਨੀਅਰ ਪੱਤਰਕਾਰ ਸ੍ਰੀ ਰਮੇਸ਼ ਵਿਨਾਇਕ, ਸ੍ਰੀ ਜਗਤਾਰ ਸਿੰਘ ਸੀਨੀਅਰ, ਸ੍ਰੀ ਬਲਜੀਤ ਬੱਲੀ, ਸ੍ਰੀ ਸਰਬਜੀਤ ਪੰਧੇਰ, ਸ੍ਰੀ ਦੀਪਕ ਸ਼ਰਮਾ ਚਨਾਰਥਲ ਅਤੇ ਸ੍ਰੀ ਜੈ ਸਿੰਘ ਛਿੱਬਰ ਨੇ ਵੀ ਸੰਬੋਧਨ ਕੀਤਾ।