ਲੁਧਿਆਣਾ,7 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):- ਲੁਧਿਆਣਾ (Ludhiana) ‘ਚ ਇੱਕੋ ਪਰਿਵਾਰ ਦੇ 3 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਸਨਸਨੀਖੇਜ਼ ਘਟਨਾ ਥਾਣਾ ਸਲੇਮ ਟਾਬਰੀ (Police Station Salem Tabri) ਅਧੀਨ ਪੈਂਦੇ ਨਿਊ ਜਨਕਪੁਰੀ (New Janakpuri) ਵਿੱਚ ਵਾਪਰੀ ਹੈ। ਘਟਨਾ ਦਾ ਪਤਾ ਸਵੇਰੇ 10 ਵਜੇ ਉਸ ਸਮੇਂ ਲੱਗਾ ਜਦੋਂ ਦੁੱਧ ਵਾਲਾ ਉਨ੍ਹਾਂ ਦੇ ਘਰ ਆਇਆ। ਦੁੱਧ ਲੈਣ ਲਈ ਜਦੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਸ਼ੱਕ ਪੈਣ ‘ਤੇ ਦੁੱਧ ਵਾਲੇ ਨੇ ਗੁਆਂਢੀਆਂ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਤਿੰਨ ਲਾਸ਼ਾਂ ਪਈਆਂ ਸਨ। ਜਿਸ ‘ਚ 2 ਬੈੱਡ ‘ਤੇ ਅਤੇ ਉਸੇ ਕਮਰੇ ਵਿੱਚ ਹੇਠਾਂ ਫਰਸ਼ ‘ਤੇ ਪਈ ਹੋਈ ਸੀ।
ਮ੍ਰਿਤਕਾਂ ਦੀ ਪਛਾਣ ਚਮਨ ਲਾਲ,ਉਸਦੀ ਪਤਨੀ ਸੁਰਿੰਦਰ ਕੌਰ ਤੇ ਮਾਤਾ ਬਚਨ ਕੌਰ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 70 ਤੋਂ 90 ਸਾਲ ਦੇ ਵਿਚਕਾਰ ਹੈ। ਉਹਨਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਗੁਆਂਢੀਆਂ ਦਾ ਕਹਿਣਾ ਹੈ ਕਿ ਕੱਲ੍ਹ ਪੂਰਾ ਦਿਨ ਪਰਿਵਾਰ ਦੇ ਤਿੰਨੇ ਮੈਂਬਰ ਘਰੋਂ ਬਾਹਰ ਨਹੀਂ ਆਏ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਇਹ ਕਤਲ 5 ਜੁਲਾਈ ਦੀ ਸ਼ਾਮ ਨੂੰ ਹੋਇਆ ਹੈ।ਕਤਲ ਗਲਾ ਘੁੱਟ ਕੇ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮ੍ਰਿਤਕਾਂ ਦੀਆਂ ਲਾਸ਼ਾਂ ‘ਤੇ ਚਾਕੂ ਦੇ ਨਿਸ਼ਾਨ ਵੀ ਮਿਲੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਕਤਲ ਵਿੱਚ ਕਿਸੇ ਜਾਣਕਾਰ ਦਾ ਹੱਥ ਹੋ ਸਕਦਾ ਹੈ।
ਥਾਣਾ ਸਲੇਮਟਾਬਰੀ ਦੇ ਐਸਐਚਓ ਹਰਜੀਤ ਸਿੰਘ (SHO Harjit Singh) ਨੇ ਦੱਸਿਆ ਕਿ ਪੁਲਿਸ ਮੌਕੇ ਦੀ ਜਾਂਚ ਕਰ ਰਹੀ ਹੈ। ਆਸਪਾਸ ਦੇ ਸੀਸੀਟੀਵੀ ਕੈਮਰਿਆਂ (CCTV Cameras) ਦੀ ਸਕੈਨਿੰਗ (Scanning) ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਕਤਲ ਦਾ ਕਾਰਨ ਕੀ ਹੈ,ਇਸ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।